ਪੁਲਿਸ ਨੇ ਮਮਤਾ ਨੂੰ ਮੁੱਖ ਦੋਸ਼ੀ ਦੱਸਿਆ • ਕੀਨੀਆ ਤੋਂ ਹਵਾਲਗੀ ਲਈ ਪ੍ਰਕਿਰਿਆ ਸ਼ੁਰੂ
ਥਾਣੇ, 18 ਜੂਨ (ਏਜੰਸੀਆਂ)-ਬਾਲੀਵੁੱਡ ਦੀ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਦਾ ਨਾਂਅ ਡਰੱਗ ਮਾਫੀਆ ਵਿੱਕੀ ਗੋਸਵਾਮੀ ਨਾਲ ਸਬੰਧਿਤ 2000 ਕਰੋੜ ਦੇ ਨਸ਼ਾ ਤਸਕਰੀ ਕੇਸ ਵਿਚ ਮੁੱਖ ਦੋਸ਼ੀ ਵਜੋਂ ਸ਼ਾਮਿਲ ਹੋ ਗਿਆ | ਮੁੰਬਈ ਪੁਲਿਸ ਨੇ ਦਾਅਵਾ ਕੀਤਾ ਕਿ ਮਮਤਾ ਕੁਲਕਰਨੀ ਗੈਰਕਾਨੂੰਨੀ ਗਤੀਵਿਧੀਆਂ ਵਿਚ ਪ੍ਰਮੁੱਖ ਤੌਰ 'ਤੇ ਸ਼ਾਮਿਲ ਸੀ ਅਤੇ ਕੀਨੀਆ ਤੋਂ ਉਸਦੀ ਹਵਾਲਗੀ ਦੀ ਮੰਗ ਕੀਤੀ ਜਾਵੇਗੀ | ਥਾਣੇ ਦੇ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਾਮਲੇ 'ਚ ਗਿ੍ਫਤਾਰ ਦੋ ਲੋਕਾਂ ਦੇ ਬਿਆਨਾਂ ਅਤੇ ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਇਹ ਸਿੱਧ ਹੁੰਦਾ ਹੈ ਕਿ ਮਮਤਾ ਕੁਲਕਰਨੀ ਇਸ ਮਾਮਲੇ 'ਚ ਮੁੱਖ ਦੋਸ਼ੀ ਸੀ | ਪੁਲਿਸ ਨੇ ਮਮਤਾ ਕੁਲਕਰਨੀ ਅਤੇ ਉਸ ਦੇ ਪਤੀ ਵਿੱਕੀ ਗੋਸਵਾਮੀ ਦੀ ਹਵਾਲਗੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਜੋ ਕਿ ਹੁਣ ਕੀਨੀਆ ਵਿਚ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾ ਕਦਮ ਉਕਤ ਦੋਵਾਂ ਖਿਲਾਫ ਇੰਟਰਪੋਲ ਜ਼ਰੀਏ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਹੁਣ ਤੱਕ ਕੀਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਮਤਾ ਕੁਲਕਰਨੀ ਨਸ਼ਾ ਤਸਕਰੀ ਦੇ ਕੌਮਾਂਤਰੀ ਰੈਕੇਟ ਵਿਚ ਸ਼ਾਮਿਲ ਸੀ | ਮਮਤਾ ਨੇ ਆਪਣੇ ਹੋਰਨਾਂ ਸਾਥੀਆਂ ਦੇ ਨਾਲ 8 ਜਨਵਰੀ 2016 ਵਿਚ ਕੀਨੀਆ 'ਚ ਹੋਈ ਮੀਟਿੰਗ ਵਿਚ ਭਾਗ ਲਿਆ ਸੀ | ਮਮਤਾ ਤੋਂ ਇਲਾਵਾ ਇਸ ਮੀਟਿੰਗ ਵਿਚ ਡਾ. ਅਬਦੁੱਲਾ ਅਤੇ ਸਾਬਰੀ ਫਾਰਮਾ ਕੰਪਨੀ ਤੋਂ ਉਸਦੇ ਸਹਿਯੋਗੀਆਂ ਨੇ ਸ਼ਿਰਕਤ ਕੀਤੀ ਸੀ | ਇਹ ਮੀਟਿੰਗ ਕੀਨੀਆ ਦੇ ਮੋੋਮਬਾਸਾ ਦੇ ਹੋਟਲ ਬਲਿੱਸ ਵਿਚ ਹੋਈ ਸੀ, ਜਿਥੇ ੲੈਫੀਡਿ੍ਨ ਬਾਰੇ 'ਚ ਚਰਚਾ ਹੋਈ ਸੀ | ਇਸ ਤੋਂ ਬਾਅਦ 8 ਅਪ੍ਰੈਲ ਨੂੰ ਦੁਬਈ ਦੇ ਬੁਰਜ ਖਲੀਫਾ ਵਿਚ ਇਕ ਮੀਟਿੰਗ ਹੋਈ ਸੀ, ਜਿਸ ਵਿਚ ਮਮਤਾ ਕੁਲਕਰਨੀ ਤੇ ਵਿੱਕੀ ਗੋਸਵਾਮੀ ਤੋਂ ਇਲਾਵਾ ਮੋਰਾਕੋ ਤੋਂ 2 ਵਿਅਕਤੀਆਂ ਨੇ ਇਸ ਵਿਚ ਹਾਜ਼ਰੀ ਭਰੀ ਸੀ | ਉਨ੍ਹਾਂ ਦੱਸਿਆ ਕਿ ਮਮਤਾ ਕੁਲਕਰਨੀ ਅਤੇ ਵਿੱਕੀ ਗੋਸਵਾਮੀ ਇਸ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਸਨ | ਇਸ ਮਾਮਲੇ 'ਚ ਕੁਲ 17 ਦੋਸ਼ੀ ਹਨ, ਜਿਨ੍ਹਾਂ 'ਚੋਂ 7 ਦੀ ਭਾਲ ਅਜੇ ਵੀ ਜਾਰੀ ਹੈ ਜਦਕਿ ਬਾਕੀ 10 ਲੋਕਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਹ ਜੇਲ੍ਹ 'ਚ ਹਨ | ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੁਲਿਸ ਨੇ ਅਪ੍ਰੈਲ ਵਿਚ ਮਹਾਰਾਸ਼ਟਰ ਦੇ ਸੋਲਾਪੁਰ ਦੀ ਏਵਨ ਲਾਈਫ ਸਾਇੰਸਜ਼ ਕੰਪਨੀ 'ਚੋਂ 18.5 ਟਨ ੲੈਫੀਡਿ੍ਨ ਜ਼ਬਤ ਕੀਤੀ ਸੀ, ਜਿਸਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 2 ਹਜ਼ਾਰ ਕਰੋੜ ਹੈ |
ਮਮਤਾ ਵੱਲੋਂ ਇਨਕਾਰ
ਹਾਲਾਂਕਿ ਮਮਤਾ ਕੁਲਕਰਨੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ | ਮਮਤਾ ਨੇ ਕਿਹਾ ਕਿ ਉਸਨੂੰ ਫਸਾਇਆ ਜਾ ਰਿਹਾ ਹੈ | ਮੇਰਾ ਕਿਸੇ ਕੰਪਨੀ ਨਾਲ ਕੋਈ ਸਬੰਧ ਨਹੀਂ ਹੈ | ਮੇਰੇ ਖਾਤੇ ਵਿਚ ਇਕ ਕਰੋੜ ਤੋਂ ਵੱਧ ਰਾਸ਼ੀ ਨਹੀਂ ਹੈ | ਪੁਲਿਸ ਦੇ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ | ਪੁਲਿਸ ਗਵਾਹਾਂ ਦੀ ਕੁੱਟਮਾਰ ਕਰਕੇ ਬਿਆਨ ਲੈ ਰਹੀ ਹੈ |