ਚੰਡੀਗੜ੍ਹ: ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਮੌਤ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੇ ਕਿਹਾ ਹੈ ਕਿ ਜੋ ਇਸ ਦੁਨੀਆ ‘ਤੇ ਆਉਂਦਾ ਹੈ ਉਸ ਨੇ ਜਾਣਾ ਵੀ ਹੈ। ਉਨ੍ਹਾਂ ਕਿਹਾ, “ਅਸੀਂ ਵੀ ਜਾਣਾ ਹੈ, ਤੁਸੀਂ ਵੀ ਜਾਣਾ ਹੈ।” ਸ਼੍ਰੋਮਣੀ ਅਕਾਲੀ ਦਲ ਨੇ ਕੇਪੀਐਸ ਗਿੱਲ ਦੀ ਮੌਤ ‘ਤੇ ਕੋਈ ਦੁਖ ਪ੍ਰਗਟ ਨਹੀਂ ਕੀਤਾ। ਗਿੱਲ ਪ੍ਰਤੀ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਰੋਸ ਹੈ। ਇਸ ਲਈ ਅਕਾਲੀ ਦਲ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਬਚਾਅ ਕਰ ਰਿਹਾ ਹੈ। ਸ਼ਨੀਵਾਰ ਨੂੰ ਬਾਦਲ ਨੇ ਇਸ ਬਾਰੇ ਕਿਹਾ ਕਿ ਮੌਤ ਤਾਂ ਸਭ ਦੀ ਹੋਣੀ ਹੀ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਕੇਪੀਐਸ ਗਿੱਲ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ੋਕ ਸੰਦੇਸ਼ ਪਾਰਟੀ ਦਾ ਲੋਕ ਸੰਪਰਕ ਵਿਭਾਗ ਜਾਰੀ ਕਰਦਾ ਹੈ। ਉਨ੍ਹਾਂ ਦੀ ਕੁਝ ਸਮੇਂ ਤੋਂ ਸਿਹਤ ਠੀਕ ਨਹੀਂ ਸੀ ਤੇ ਉਹ ਐਤਵਾਰ ਹੀ ਚੰਡੀਗੜ੍ਹ ਆਏ ਹਨ।
ਕਾਬਲੇਗੌਰ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਸਿੱਖ ਕੌਮ ਨੂੰ ਸਾਬਕਾ ਡੀਜੀਪੀ ਕੇਪੀਐਸ ਗਿੱਲ (ਕੰਵਰਪਾਲ ਸਿੰਘ) ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋਣ ਦੀ ਤਾਕੀਦ ਕੀਤੀ ਹੈ। ਸਰਬੱਤ ਖਾਲਸਾ ਵੱਲੋਂ 2015 ਵਿੱਚ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਕੌਮ ਦੇ ਗ੍ਰੰਥੀ, ਕੀਰਤਨੀਏ ਤੇ ਅਰਦਾਸੀਏ ਸਿੰਘਾਂ ਨੂੰ ਵੀ ਗਿੱਲ ਦੀਆਂ ਅੰਤਿਮ ਰਸਮਾਂ ਮੌਕੇ ਕੀਰਤਨ ਤੇ ਅਰਦਾਸ ਕਰਨ ਤੋਂ ਵਰਜਿਆ ਹੈ।
ਜਥੇਦਾਰਾਂ ਨੇ ਆਖਿਆ ਕਿ ਕੇ.ਪੀ. ਐਸ. ਗਿੱਲ ਨੇ ਵਰਦੀ ਦੀ ਤਾਕਤ ਵਰਤਦਿਆਂ ਹਜ਼ਾਰਾਂ ਸਿੱਖ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਤਸ਼ੱਦਦ ਢਾਹ ਕੇ ਕਤਲ ਕੀਤਾ ਸੀ। ਇਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਜੇਕਰ ਕੋਈ ਵੀ ਸਿੱਖ ਗਿੱਲ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇਗਾ। ਕੇਪੀਐਸ ਗਿੱਲ ਦਾ ਸਸਕਾਰ ਅੱਜ ਕੀਤਾ ਜਾਵੇਗਾ।
No comments:
Post a Comment